Home 9 Latest Articles 9 ਹਿੰਦੁਤਵ ਅਤੇ ਭਾਰਤੀ ਵਿਗਿਆਨ

ਸੰਨ 2009 ਵਿੱਚ ਮੈਂ ਦੋ ਉੱਚ ਦਰਜਾ ਪ੍ਰਾਪਤ ਵਿਗਿਆਨਕ ਖੋਜ ਦੇ ਕੇਂਦਰਾਂ ਦੇ ਡਾਇਰੈਕਟਰਾਂ (ਜੋ ਕਿ ਉੱਘੇ ਅਕਾਦਮੀਸ਼ਨ ਹਨ) ਨਾਲ ਰਾਤ ਦੇ ਖਾਣੇ ’ਤੇ ਗੱਲਾਂ ਕਰ ਰਿਹਾ ਸਾਂ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਦੀਆਂ ਸੰਸਥਾਵਾਂ ਨੂੰ ਆਪਣੀਆਂ ਫੈਕਲਟੀਆਂ ਦੇ ਅਹੁਦਿਆਂ ਵਾਸਤੇ ਵਿਦੇਸ਼ ਵਿੱਚ ਕੰਮ ਕਰਦੇ ਖੋਜਕਾਰਾਂ ਕੋਲੋਂ ਉਮਦਾ ਉਮੀਦਵਾਰਾਂ ਦੀਆਂ ਅਰਜ਼ੀਆਂ ਮਿਲ ਰਹੀਆਂ ਹਨ। ਇਹ ਇੱਕ ਲਾਮਿਸਾਲ ਵਰਤਾਰਾ ਸੀ; ਤਦ ਤੀਕ ਇਹੀ ਸੁਣਨ ਵਿੱਚ ਆਉਂਦਾ ਸੀ ਕਿ ਭਾਰਤੀ ਵਿਗਿਆਨੀ ਨੌਕਰੀ ਲਈ ਵਿਦੇਸ਼ ਜਾ ਰਹੇ ਹਨ। ਬੇਸ਼ੱਕ, ਹਾਲੇ ਵੀ ਇਹ ਚੱਲ ਰਿਹਾ ਸੀ ਪਰ ਇਸ ਦੇ ਨਾਲ ਹੀ ਵਿਗਿਆਨਕ ਪ੍ਰਤਿਭਾ ਨੂੰ ਹੁਣ ਮੋੜਾ ਪੈ ਰਿਹਾ ਸੀ ਭਾਵ ਪੱਛਮੀ ਦੇਸ਼ਾਂ ਤੋਂ ਭਾਰਤ ਦਾ ਰੁਖ਼ ਕਰ ਲਿਆ ਗਿਆ ਸੀ।

ਬ੍ਰੇਨ ਡਰੇਨ ਦੇ ਚਲਨ ਵਿੱਚ ਪਏ ਇਸ ਅੰਸ਼ਕ ਮੋੜੇ ਦੇ ਬਹੁਤ ਸਾਰੇ ਕਾਰਨ ਸਨ। ਆਲਮੀ ਵਿੱਤੀ ਸੰਕਟ ਕਰ ਕੇ ਪੱਛਮ ਦੀਆਂ ਯੂਨੀਵਰਸਿਟੀਆਂ ਵਿੱਚ ਫੰਡਿੰਗ ਦੀ ਤੋਟ ਆ ਗਈ ਸੀ ਜਿਸ ਕਰ ਕੇ ਨਵੇਂ ਅਧਿਆਪਕਾਂ ਦੀ ਭਰਤੀ ਲਈ ਪੈਸਾ ਘਟ ਗਿਆ ਸੀ। ਉਨ੍ਹਾਂ ਸਮਿਆਂ ਵਿੱਚ ਹੀ ਭਾਰਤ ਵੱਲੋਂ ਖੋਜ ਅਤੇ ਵਜ਼ੀਫ਼ਿਆਂ ਉੱਪਰ ਭਰਵਾਂ ਖਰਚ ਕੀਤਾ ਜਾ ਰਿਹਾ ਸੀ। ਕੇਂਦਰ ਸਰਕਾਰ ਨੇ ਕੁਝ ਦੇਰ ਪਹਿਲਾਂ ਹੀ ਉੱਚ ਗੁਣਵੱਤਾ ਦੇ ਖੋਜ ਕੇਂਦਰਾਂ ਦੀ ਇੱਕ ਲੜੀ ਸਥਾਪਿਤ ਕੀਤੀ ਸੀ ਜਿਸ ਨੂੰ ਆਈਆਈਐੱਸਈਆਰ (ਆਈਸਰ) ਜਾਂ ਇੰਡੀਅਨ ਇੰਸਟੀਚਿਊਟ ਆਫ ਸਾਇੰਟੀਫਿਕ ਐਜੂਕੇਸ਼ਨ ਐਂਡ ਰਿਸਰਚ ਵਜੋਂ ਜਾਣਿਆ ਜਾਂਦਾ ਸੀ। ਇਸ ਤੋਂ ਇਲਾਵਾ ਕੁਝ ਸਾਲਾਂ ਵਿੱਚ ਹੀ ਕਈ ਨਵੇਂ ਆਈਆਈਟੀਜ਼ ਖੁੱਲ੍ਹ ਗਏ ਸਨ। ਇਨ੍ਹਾਂ ਸਾਰੀਆਂ ਸੰਸਥਾਵਾਂ ਨੇ ਆਪਣੀ ਫੈਕਲਟੀ ਲਈ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਆਕਰਸ਼ਿਤ ਕੀਤਾ ਸੀ।

1940ਵਿਆਂ ਅਤੇ 1950ਵਿਆਂ ਵਿੱਚ ਕੁਝ ਹੋਣਹਾਰ ਵਿਦਵਾਨ ਵਿਦੇਸ਼ ਵਿੱਚ ਪੀਐੱਚ.ਡੀ. ਕਰ ਕੇ ਭਾਰਤ ਪਰਤੇ ਸਨ ਹਾਲਾਂਕਿ ਉਨ੍ਹਾਂ ਨੂੰ ਪੱਛਮ ਵਿੱਚ ਵੱਕਾਰੀ ਅਹੁਦੇ ਮਿਲ ਸਕਦੇ ਸਨ। ਇਨ੍ਹਾਂ ਆਲਮੀ ਪੱਧਰ ਦੇ ਵਿਗਿਆਨੀਆਂ ਵਿੱਚ ਈ.ਕੇ. ਜਾਨਕੀ ਅਮਾਲ, ਹੋਮੀ ਭਾਬਾ, ਐੱਮ.ਐੱਸ. ਸਵਾਮੀਨਾਥਨ, ਸਤੀਸ਼ ਧਵਨ ਅਤੇ ਉਬੈਦ ਸਿੱਦੀਕੀ ਸ਼ਾਮਿਲ ਸਨ। ਇਸ ਦਾ ਮੂਲ ਕਾਰਨ ਉਨ੍ਹਾਂ ਅੰਦਰ ਮਘ ਰਹੀ ਦੇਸ਼ਭਗਤੀ ਦੀ ਚਿਣਗ ਸੀ। ਇਹ ਵਿਅਕਤੀ ਕੌਮੀ ਤਹਿਰੀਕ ਦੇ ਸਮੇਂ ਵਿੱਚ ਪਲ ਕੇ ਵੱਡੇ ਹੋਏ ਸਨ ਅਤੇ ਇਸ ਲਹਿਰ ਦੀਆਂ ਕਦਰਾਂ ਕੀਮਤਾਂ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਹੁਣ ਜਦੋਂ ਭਾਰਤ ਆਜ਼ਾਦ ਹੋ ਗਿਆ ਤਾਂ ਉਹ ਆਪਣੇ ਦੇਸ਼ ਦੀ ਹੋਣੀ ਘੜਨ ਵਿੱਚ ਮਦਦ ਕਰਨ ਲਈ ਵਤਨ ਵਾਪਸ ਆਉਣਾ ਚਾਹੁੰਦੇ ਸਨ।

ਉਂਜ, ਬਾਅਦ ਦੇ ਦਹਾਕਿਆਂ ਵਿੱਚ ਜਿਨ੍ਹਾਂ ਲੋਕਾਂ ਨੇ ਵਿਦੇਸ਼ਾਂ ਵਿੱਚ ਪੀਐੱਚ.ਡੀ. ਕੀਤੀ ਸੀ, ਉਨ੍ਹਾਂ ’ਚੋਂ ਬਹੁਤਿਆਂ ਦੇ ਵਿਦੇਸ਼ ਵਿੱਚ ਹੀ ਟਿਕਣ ਦੇ ਆਸਾਰ ਸਨ। ਇਸ ਦਾ ਕਾਰਨ ਇਹ ਸੀ ਕਿ ਬਹੁਤੇ ਵਿਗਿਆਨੀਆਂ ਦੀ ਮੂਲ ਪ੍ਰੇਰਕ ਸ਼ਕਤੀ ਦੇਸ਼ਭਗਤੀ ਨਹੀਂ ਸੀ। ਉਹ ਆਜ਼ਾਦਾਨਾ ਤੌਰ ’ਤੇ ਖੋਜ ਕਰਨ ਦੀ ਖੁੱਲ੍ਹ, ਜੀਵਨ ਦੇ ਨਿਸਬਤਨ ਬਿਹਤਰ ਸਾਧਨ ਅਤੇ ਇੱਕ ਅਜਿਹਾ ਸਮਾਜਿਕ ਮਾਹੌਲ ਵੀ ਚਾਹੁੰਦੇ ਸਨ ਜਿਸ ਵਿੱਚ ਉਹ ਆਪਣਾ ਪਰਿਵਾਰ ਪਾਲ ਸਕਣ। ਉਹ ਆਪਣੇ ਵਤਨ ਵਿੱਚ ਕੰਮ ਕਰਨ ਦੇ ਇੱਛੁਕ ਸਨ, ਪਰ ਇਸ ਲਈ ਉਨ੍ਹਾਂ ਵੱਲੋਂ ਤੈਅ ਕੀਤਾ ਗਿਆ ਪੈਮਾਨਾ ਪੂਰਾ ਹੋਣਾ ਜ਼ਰੂਰੀ ਸੀ।

ਮੈਨੂੰ ਮਹਿਸੂਸ ਹੁੰਦਾ ਹੈ ਕਿ 2009 ਵਿੱਚ ਜਦੋਂ ਬੰਗਲੂਰੂ ਵਿੱਚ ਵਿਦਵਾਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ ਤਾਂ ਅੱਜਕੱਲ੍ਹ ਨਾਲੋਂ ਉਨ੍ਹਾਂ ਵੇਲਿਆਂ ਦਾ ਭਾਰਤੀ ਵਿਗਿਆਨਕ ਮਾਹੌਲ ਵਧੇਰੇ ਆਸਵੰਦ ਸੀ। ਅਰਥਚਾਰਾ ਠਾਠਾਂ ਮਾਰ ਰਿਹਾ ਸੀ ਜਿਸ ਸਦਕਾ ਅਕਾਦਮਿਕ ਤਨਖ਼ਾਹਾਂ ਵਿੱਚ ਇਜ਼ਾਫ਼ਾ ਹੋ ਰਿਹਾ ਸੀ ਤੇ ਸਮਾਜਿਕ ਤਾਣਾ-ਬਾਣਾ ਵੀ ਪਿਛਲੇ ਇੱਕ ਦਹਾਕੇ ਨਾਲੋਂ ਵਧੇਰੇ ਸਹਿਣਸ਼ੀਲ ਅਤੇ ਮਿਲਣਸਾਰਤਾ ਭਰਿਆ ਸੀ। 1990ਵਿਆਂ ਅਤੇ 2000ਵਿਆਂ ਦੇ ਸ਼ੁਰੂ ਵਿੱਚ ਪੈਦਾ ਹੋਇਆ ਫ਼ਿਰਕੂ ਧਰੁਵੀਕਰਨ ਘਟਦਾ ਜਾ ਰਿਹਾ ਸੀ। ਵਿੱਤੀ ਸੁਰੱਖਿਆ ਤੇ ਸਮਾਜਿਕ ਸਥਿਰਤਾ ਦੀ ਆਸ ਤਹਿਤ ਆਜ਼ਾਦਾਨਾ ਖੋਜ ਕਰਨ ਦੀ ਲਲ੍ਹਕ ਵਾਲੇ ਕਿਸੇ ਨੌਜਵਾਨ ਵਿਗਿਆਨੀ ਲਈ 1999 ਜਾਂ 1989 ਜਾਂ 1979 ਨਾਲੋਂ 2009 ਦਾ ਸਾਲ ਕਿਤੇ ਬਿਹਤਰ ਸਮਾਂ ਸੀ। ਇਸੇ ਲਈ ਵੱਧ ਤੋਂ ਵੱਧ ਵਿਗਿਆਨੀ ਪੱਛਮ ਤੋਂ ਮੁੱਖ ਮੋੜ ਕੇ ਕੰਮ ਦੀ ਖ਼ਾਤਰ ਆਪਣੇ ਦੇਸ਼ ਪਰਤ ਰਹੇ ਸਨ।

ਹੁਣ ਪੰਦਰ੍ਹਾਂ ਸਾਲਾਂ ਬਾਅਦ ਕੀ ਵਿਦੇਸ਼ ਵਿੱਚ ਪੀਐੱਚ.ਡੀ. ਕਰਨ ਤੋਂ ਬਾਅਦ ਭਾਰਤ ਮੁੜਨ ਦੇ ਆਸਵੰਦ ਕਿਸੇ ਨੌਜਵਾਨ ਵਿਗਿਆਨੀ ਲਈ ਹਾਲਾਤ ਓਨੇ ਹੀ ਸਾਜ਼ਗਾਰ ਹਨ? ਮੈਨੂੰ ਇਸ ’ਤੇ ਪੂਰੀ ਤਰ੍ਹਾਂ ਸ਼ੱਕ ਹੈ। ਇਸ ਦਾ ਵਡੇਰਾ ਕਾਰਨ ਇਹ ਹੈ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ ਮੁਕਾਬਲੇ ਵਿਗਿਆਨਕ ਖੋਜ ਪ੍ਰਤੀ ਕਿਤੇ ਵੱਧ ਵੈਰ-ਭਾਵੀ ਹੈ। ਡਾ. ਮਨਮੋਹਨ ਸਿੰਘ ਖ਼ੁਦ ਵਿਦਵਾਨ ਹਨ ਅਤੇ ਦੁਨੀਆ ਦੀਆਂ ਦੋ ਉੱਘੀਆਂ ਯੂਨੀਵਰਸਿਟੀਆਂ ਤੋਂ ਪੜ੍ਹੇ ਹੋਏ ਹਨ ਜਿਸ ਕਰ ਕੇ ਉਹ ਆਧੁਨਿਕ ਵਿਗਿਆਨ ਦੇ ਯੋਗਦਾਨ ਨੂੰ ਦਿਲੋਂ ਮਾਨਤਾ ਦਿੰਦੇ ਰਹੇ ਹਨ।

ਦੂਜੇ ਪਾਸੇ ਸ੍ਰੀ ਮੋਦੀ ਦਾ ਪੜ੍ਹਨ ਲਿਖਣ ਨਾਲ ਬਹੁਤਾ ਲਾਗਾ ਦੇਗਾ ਨਹੀਂ ਰਿਹਾ। ਉਂਝ ਵੀ ਉਹ ਬੌਧਿਕ ਖ਼ਾਸੇ ਵਾਲੇ ਲੋਕਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਦੇ (ਉਨ੍ਹਾਂ ਦਾ ‘ਹਾਰਡ ਵਰਕ ਨੌਟ ਹਾਰਵਰਡ’ ਦਾ ਜੁਮਲਾ ਤੁਹਾਨੂੰ ਯਾਦ ਹੋਵੇਗਾ)। ਇਹ ਸੱਚ ਹੈ ਕਿ ਵੱਕਾਰੀ ਯੂਨੀਵਰਸਿਟੀਆਂ ਤੋਂ ਪੜ੍ਹੇ ਬੰਦੇ (ਔਰਤਾਂ ਸ਼ਾਇਦ ਘੱਟ ਹੋਣ) ਘਮੰਡੀ ਤੇ ਫੰਨੇ ਖਾਂ ਹੋ ਸਕਦੇ ਹਨ ਅਤੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਨਾਲੋਂ ਕੱਟੇ ਹੋ ਸਕਦੇ ਹਨ। ਪਰ ਵਿਗਿਆਨਕ ਖੋਜ ਦੇ ਮਜ਼ਬੂਤ ਬੁਨਿਆਦੀ ਢਾਂਚੇ ਤੋਂ ਬਗ਼ੈਰ ਕੋਈ ਵੀ ਦੇਸ਼ ਜਾਂ ਅਰਥਚਾਰਾ ਲੰਮਾ ਸਮਾਂ ਪ੍ਰਗਤੀ ਕਰਦਾ ਨਹੀਂ ਰਹਿ ਸਕਦਾ। ਜਵਾਹਰਲਾਲ ਨਹਿਰੂ ਦੀ ਇਹੋ ਜਿਹੀ ਸੋਚ ਸੀ ਕਿ ਉਨ੍ਹਾਂ ਆਈਆਈਟੀਜ਼ ਦੀ ਸਥਾਪਨਾ ਕੀਤੀ ਅਤੇ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਦੀ ਪੁਰਜ਼ੋਰ ਹਮਾਇਤ ਕੀਤੀ। ਇਸੇ ਤਰ੍ਹਾਂ ਡਾ. ਮਨਮੋਹਨ ਸਿੰਘ ਨੇ ਆਈਆਈਐੱਸਈਆਰਜ਼ ਦੀ ਸਥਾਪਨਾ ਵਿੱਚ ਹੱਥ ਵਟਾਇਆ ਸੀ। ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਹਨ, ਉਨ੍ਹਾਂ ਸਭ ਨੇ ਬੁਨਿਆਦੀ ਖੋਜ ਨੂੰ ਹੱਲਾਸ਼ੇਰੀ ਦਿੱਤੀ ਖ਼ਾਸਕਰ ਜੀਵ ਵਿਗਿਆਨ ਵਿੱਚ, ਜੋ ਕਿ ਹੁਣ ਸਭ ਤੋਂ ਅਹਿਮ ਵਿਗਿਆਨ ਵਜੋਂ ਭੌਤਿਕ ਵਿਗਿਆਨ ਦਾ ਮੁਕਾਬਲਾ ਕਰ ਰਿਹਾ ਹੈ। 1980ਵਿਆਂ ਤੱਕ ਘਰੋਗੀ ਸੰਸਥਾਵਾਂ ’ਚੋਂ ਵਿਲੱਖਣ ਪੀਐੱਚ.ਡੀ. ਵਿਦਵਾਨ ਪੈਦਾ ਹੋ ਰਹੇ ਸਨ। ਭਾਰਤੀ ਵਿਗਿਆਨ ਹੁਣ ਘਰੋਗੀ ਤੌਰ ’ਤੇ ਸਿੱਖਿਅਤ ਪ੍ਰਤਿਭਾ ਅਤੇ ਵਿਦੇਸ਼ਾਂ ਤੋਂ ਪੜ੍ਹ ਕੇ ਆਉਣ ਵਾਲਿਆਂ ਦੋਵਾਂ ਦਾ ਫ਼ਾਇਦਾ ਉਠਾ ਸਕਦਾ ਸੀ।

ਸਾਲ 2014 ਤੋਂ ਬਾਅਦ ਇਹ ਸਭ ਕੁਝ ਬਦਲ ਗਿਆ। ਸ੍ਰੀ ਨਰਿੰਦਰ ਮੋਦੀ ਕੋਲ ਉਨ੍ਹਾਂ ਤਕਨੀਕੀ ਐਪਲੀਕੇਸ਼ਨਾਂ ਲਈ ਹੀ ਥੋੜ੍ਹਾ ਬਹੁਤ ਸਮਾਂ ਹੁੰਦਾ ਸੀ ਜਿਸ ਤੋਂ ਉਨ੍ਹਾਂ ਨੂੰ ਕੋਈ ਸਿਆਸੀ ਲਾਭ ਹੋ ਸਕਦਾ ਹੈ। ਇਸੇ ਕਰ ਕੇ ਉਹ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੂੰ ਥਾਪੜਾ ਦਿੰਦੇ ਹਨ। ਉਂਝ, ਉਨ੍ਹਾਂ ਦੀ ਵਿਗਿਆਨਕ ਤਕਨੀਕੀ ਖੋਜ ਨੂੰ ਹੱਲਾਸ਼ੇਰੀ ਦੇਣ ਵਿੱਚ ਬਹੁਤੀ ਰੁਚੀ ਨਹੀਂ ਹੈ। ਇਸੇ ਲਈ ਉਨ੍ਹਾਂ ਹਿੰਦੁਤਵੀ ਵਿਚਾਰਕਾਂ ਨੂੰ ਆਈਆਈਟੀਜ਼ ਦੇ ਕੰਮਕਾਜ ਵਿੱਚ ਦਖ਼ਲ ਦੇਣ ਦੀ ਖੁੱਲ੍ਹ ਦੇ ਰੱਖੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਸੰਸਥਾਵਾਂ ਦੇ ਡਾਇਰੈਕਟਰਾਂ ਦੀ ਚੋਣ ਉਨ੍ਹਾਂ ਦੇ ਅਕਾਦਮਿਕ ਹਾਣੀਆਂ ਵੱਲੋਂ ਹੀ ਕੀਤੀ ਜਾਂਦੀ ਸੀ, ਪਰ ਹੁਣ ਸੱਜੇ ਪੱਖੀ ਸਿਆਸੀ/ਵਿਚਾਰਧਾਰਕ ਕਾਰਿੰਦਿਆਂ ਵੱਲੋਂ ਛਾਂਟੇ ਗਏ ਵਿਅਕਤੀਆਂ ਦੀਆਂ ਸੂਚੀਆਂ ਦੀ ਪੁਣ-ਛਾਣ ਕੀਤੀ ਜਾਂਦੀ ਹੈ ਅਤੇ

ਉਨ੍ਹਾਂ ਦੀ ਲੀਹ ਦੇ ਪੈਰੋਕਾਰ ਵਿਅਕਤੀਆਂ ਦੇ ਚੁਣੇ ਜਾਣ ਦੇ ਆਸਾਰ ਵਧ ਜਾਂਦੇ ਹਨ। ਅਧਿਕਾਰੀ ਬਣਨ ’ਤੇ ਕੁਝ ਆਈਆਈਟੀਜ਼ ਡਾਇਰੈਕਟਰ ਤਾਂ ਸੰਘ ਪਰਿਵਾਰ ਦੇ ਵਿਚਾਰਾਂ ਨੂੰ ਪ੍ਰਚਾਰਨ ਵਿੱਚ ਜ਼ਿਆਦਾ

ਹੀ ਉਤਸੁਕ ਹੋ ਜਾਂਦੇ ਹਨ, ਮਿਸਾਲ ਵਜੋਂ ਮੀਟ

ਖਾਣ ਵਾਲੇ ਭਾਰਤੀਆਂ ਦਾ ਤ੍ਰਿਸਕਾਰ, ਕੈਂਪਸ

ਵਿੱਚ ਗਊਸ਼ਾਲਾਵਾਂ ਖੋਲ੍ਹਣਾ, ਆਜ਼ਾਦ ਖ਼ਿਆਲ ਵਿਦਵਾਨਾਂ ਨੂੰ ਆਪਣੇ ਵਿਦਿਆਰਥੀਆਂ ਨਾਲ ਖੁੱਲ੍ਹੀ ਚਰਚਾ ਕਰਨ ਤੋਂ ਵਰਜਣਾ।

ਭਾਰਤੀ ਵਿਗਿਆਨ ਅੰਦਰ ਹਿੰਦੁਤਵ ਦੀ ਵਿਚਾਰਧਾਰਕ ਘੁਸਪੈਠ ਦਾ ਸ਼ਰ੍ਹੇਆਮ ਵਿਖਾਵਾ ਪਿਛਲੇ ਮਹੀਨੇ ਉਦੋਂ ਹੋਇਆ ਸੀ ਜਦੋਂ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਵੱਲੋਂ ਕਈ ਜੁੜਵੇਂ ਟਵੀਟ ਕੀਤੇ ਗਏ ਸਨ। ਇਨ੍ਹਾਂ ਵਿੱਚ ਬੰਗਲੂਰੂ ਵਿਚਲੀ ਇੰਡੀਅਨ ਇੰਸਟੀਚਿਊਟ ਆਫ ਐਸਟਰੋਫਿਜ਼ਿਕਸ ਦੀ ਇਸ ਗੱਲੋਂ ਭਰਵੀਂ ਪ੍ਰਸ਼ੰਸਾ ਕੀਤੀ ਗਈ ਸੀ ਕਿ ਇਸ ਨੇ ਇੱਕ ਅਜਿਹਾ ਸਿਸਟਮ ਤਿਆਰ ਕੀਤਾ ਹੈ ਜਿਸ ਸਦਕਾ ਰਾਮ ਨੌਮੀ ਮੌਕੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਮੂਰਤੀ ਉਪਰ ਸੂਰਜ ਦੀ ਰੋਸ਼ਨੀ ਪੁਆਈ ਜਾ ਸਕੀ ਸੀ।

ਸਰਕਾਰ ਦੇ ਇਸ ਵਿਗਿਆਨਕ ਅਦਾਰੇ ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਟਵੀਟ ਕਰਨ ਵਾਲਾ ਵਿਅਕਤੀ ਭਾਰਤ ਦੀਆਂ ਬਿਹਤਰੀਨ ਆਈਆਈਟੀਜ਼ ’ਚੋਂ ਇੱਕ ਆਈਆਈਟੀ ਦਾ ਡਾਇਰੈਕਟਰ ਰਹਿ ਚੁੱਕਾ ਹੈ ਜੋ ਕਿ ਕਾਨਪੁਰ ’ਚ ਸਥਾਪਿਤ ਹੈ। ਇਸ ਲਈ ਸੋਸ਼ਲ ਮੀਡੀਆ ’ਤੇ ਉਸ ਦੇ ਟਵੀਟਾਂ ’ਤੇ ਤਿੱਖੀ ਪ੍ਰਤੀਕਿਰਿਆ ਹੋਈ। ਕੁਝ ਆਲੋਚਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਿਸ ਚੀਜ਼ ਨੂੰ ਸੈਕਟਰੀ ਭਾਰਤੀ ਵਿਗਿਆਨ ਦੀ ਮਹਾਨ ਪ੍ਰਾਪਤੀ ਕਹਿ ਕੇ ਵਡਿਆ ਰਿਹਾ ਹੈ, ਉਹ ਤਾਂ ਹਾਈ ਸਕੂਲ ਦਾ ਇੱਕ ਹੁਸ਼ਿਆਰ ਬੱਚਾ ਵੀ ਕਰ ਕੇ ਦਿਖਾ ਸਕਦਾ ਹੈ। ਮੈਂ ਇਸ ਮਾਮਲੇ ਬਾਰੇ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਜਿਸ ਨੇ ਅਮਰੀਕਾ ਦੀ ਇੱਕ ਵੱਕਾਰੀ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ’ਚ ਪੀਐੱਚ.ਡੀ. ਕੀਤੀ ਹੈ ਅਤੇ ਉਸ ਤੋਂ ਪਹਿਲਾਂ ਉਹ ਭਾਰਤ ਵਿੱਚ ਕਈ ਦਹਾਕੇ ਅਧਿਆਪਨ ਤੇ ਖੋਜ ਕਾਰਜ ਕਰ ਚੁੱਕਾ ਹੈ। ਉਸ ਨੇ ਮੈਨੂੰ ਆਰਾਮ ਨਾਲ ਸਮਝਾਇਆ ਕਿ ਕਿਵੇਂ, ਕਲਾਤਮਕ ਢੰਗ ਨਾਲ ਘੜੇ ਲੈੱਨਜ਼ ਤੇ ਸ਼ੀਸ਼ੇ ਨੂੰ ਯੋਜਨਾਬੱਧ ਤਰੀਕੇ ਨਾਲ ਢੁੱਕਵੀਆਂ ਥਾਵਾਂ ’ਤੇ ਰੱਖ ਕੇ ਤੇ ਸੂਰਜ ਅਤੇ ਚੰਦਰਮਾ ਦੇ ਚੱਕਰਾਂ ਦੇ ਟੁੱਟਣ/ਮਿਲਣ ਦੇ ਸਿਲਸਿਲੇ ਦੀ ਗਿਣਤੀ-ਮਿਣਤੀ ਕਰ ਕੇ ਸੂਰਜ ਦੀ ਰੌਸ਼ਨੀ ਨਾਲ ਕਿਸੇ ਖ਼ਾਸ ਦਿਨ ’ਤੇ ਅਯੁੱਧਿਆ ਵਿੱਚ ਮੂਰਤੀ ’ਤੇ ਰੁਸ਼ਨਾਇਆ ਗਿਆ ਸੀ। ਇਸ ਲਈ ਵਿਗਿਆਨ ਉੱਥੇ ਕੁਝ ਹੱਦ ਤੱਕ ਗੁੰਝਲਦਾਰ ਤਾਂ ਜ਼ਰੂਰ ਸੀ, ਪਰ ਕੁਝ ਇਤਿਹਾਸਕ ਨਹੀਂ ਵਾਪਰਿਆ ਸੀ ਅਤੇ ਨਾ ਹੀ ਇਸ ਵਿੱਚ ਕੁਝ ਅਜਿਹਾ ਹੀ ਜਿਸ ਦੀ ਸਿਫ਼ਤ ਦੇਸ਼ ਦੇ ਚੋਟੀ ਦੇ ਵਿਗਿਆਨਕ ਅਦਾਰੇ ਦਾ ਮੁਖੀ ਬੇਦਮ ਹੋ ਕੇ ਕਰੇ। ਸੰਭਵ ਹੈ ਕਿ ਵਿਗਿਆਨ ਤੇ ਤਕਨੀਕ ਵਿਭਾਗ ਦਾ ਸਕੱਤਰ ਸਮਰਪਿਤ ਹਿੰਦੂ ਹੈ। ਫਿਰ ਵੀ ਉਸ ਨੂੰ ਯਕੀਨੀ ਤੌਰ ’ਤੇ ਇਹ ਤਾਂ ਪਤਾ ਹੀ ਹੈ ਕਿ ਇਹ ਸਭ ਸਿਆਸੀ ਲਾਹੇ ਲਈ ਹੈ ਨਾ ਕਿ ਇਸ ਦਾ ਕੋਈ ਅਧਿਆਤਮਕ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਆਮ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੰਦਰ ਦਾ ਉਦਘਾਟਨ ਕਰਦਿਆਂ ਖ਼ੁਦ ਨੂੰ ਇਸ ਦੇ ਮੁੱਖ ਆਰੰਭ ਕਰਤਾ ਤੇ ਪ੍ਰੇਰਕ ਵਜੋਂ ਪੇਸ਼ ਕੀਤਾ ਹੈ, ਅਸਲ ’ਚ ਦੇਖਿਆ ਜਾਵੇ ਤਾਂ ਮੁੱਖ ਪੁਜਾਰੀ ਵਜੋਂ ਵੀ। ਡੀਐੱਸਟੀ ਦੇ ਸਕੱਤਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਖਗੋਲ ਵਿਗਿਆਨ ਸੰਸਥਾ ਦਾ ਕੰਮ ਸਗੋਂ ਇਸ ਤੋਂ ਇਲਾਵਾ ਹੋਰ ਮਹੱਤਵਪੂਰਨ ਕਾਰਜ ਕਰਨਾ ਵੀ ਹੈ। ਇਸ ਦੇ ਬਾਵਜੂਦ ਉਸ ਨੇ ਉਸ ਕੰਮ ਨੂੰ ਉਭਾਰ ਕੇ ਪੇਸ਼ ਕਰਨਾ ਚੁਣਿਆ ਜੋ ਸ਼ਾਇਦ ਕਿਸੇ ਵੱਕਾਰੀ ਸੰਸਥਾ ਵੱਲੋਂ ਕਦੇ ਕੀਤਾ ਗਿਆ ਬਹੁਤ ਮਾਮੂਲੀ ਜਿਹਾ ਵਿਗਿਆਨਕ ਕਾਰਜ ਹੈ। ਇਸ ਤੋਂ ਇਲਾਵਾ ਇਹ ਵੀ ਕਿ ਸਬੰਧਿਤ ਮਾਮਲਾ ਪ੍ਰਧਾਨ ਮੰਤਰੀ ਦਾ ਪਸੰਦੀਦਾ ਸਿਆਸੀ ਪ੍ਰਾਜੈਕਟ ਹੈ ਅਤੇ ਇਹ ਕਿ ਇਸ ਦਾ ਚੋਣਾਂ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੋਣਾ, ਇਤਫ਼ਾਕ ਤਾਂ ਨਹੀਂ ਹੋ ਸਕਦਾ।

ਚਾਪਲੂਸੀ, ਆਪਣੇ ਸਿਆਸੀ ਆਕਾ ਨੂੰ ਖ਼ੁਸ਼ ਕਰਨ ਤੇ ਉਸ ਦੇ ਨੇੜੇ ਹੋਣ ਦੀ ਚਾਹ ਭਾਰਤੀ ਨੌਕਰਸ਼ਾਹਾਂ ’ਚ ਸੁਭਾਵਿਕ ਤੌਰ ’ਤੇ ਹੈ। ਡੀਐੱਸਟੀ ਸਕੱਤਰ ਦਾ ਰਵੱਈਆ ਸ਼ਾਇਦ ਇਸੇ ਕਿਰਦਾਰ ਦਾ ਹਿੱਸਾ ਸੀ। ਫਿਰ ਵੀ ਇਹ ਬਹੁਤ ਚਿੰਤਾਜਨਕ ਹੈ।

ਪ੍ਰੈੱਸ ’ਤੇ ਸਰਕਾਰ ਦਾ ਹੱਲਾ ਸਿਵਿਲ ਸੇਵਾਵਾਂ ਤੇ ਕੂਟਨੀਤਕ ਕੋਰ ਦਾ ਸਿਆਸੀਕਰਨ, ਹਥਿਆਰਬੰਦ ਬਲਾਂ ’ਚ ਧਾਰਮਿਕ ਕੱਟੜਵਾਦ ਦੀ ਪੁੱਠ ਚਾੜ੍ਹਨ ਦੀ ਕੋਸ਼ਿਸ਼ ਅਤੇ ਖ਼ੁਦਮੁਖ਼ਤਾਰ ਰੈਗੂਲੇਟਰੀ ਸੰਸਥਾਵਾਂ ਨੂੰ ਇਸ ਵੱਲੋਂ ਭ੍ਰਿਸ਼ਟ ਕਰਨਾ – ਇਹ ਸਭ ਕੁਝ ਤਾਂ ਵੱਡੇ ਪੱਧਰ ਉੱਤੇ ਦਰਜ ਹੋ ਚੁੱਕਾ ਹੈ। ਪਰ ਜਿੱਧਰ ਧਿਆਨ ਘੱਟ ਗਿਆ ਹੈ, ਉਹ ਹੈ ਇਸ ਵੱਲੋਂ ਭਾਰਤ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਖੋਖਲਾ ਕਰਨਾ। ਸ਼ਾਇਦ ਡੀਐੱਸਟੀ ਸਕੱਤਰ ਵੱਲੋਂ ਚੁਣੇ ਗਏ ਉਹ ਖਰਾਬ ਟਵੀਟ (ਜਿਨ੍ਹਾਂ ਨੂੰ ਪੋਸਟ ਕਰਨ ਦਾ ਸਮਾਂ ਵੀ ਸਹੀ ਨਹੀਂ ਸੀ) ਆਖ਼ਰ ’ਚ ਸਾਨੂੰ ਉਸ ਨੁਕਸਾਨ ਬਾਰੇ ਹੋਰ ਚੇਤੰਨ ਕਰਨਗੇ, ਜੋ ਸਰਕਾਰ ਨੇ ਇਸ ਖੇਤਰ ਦਾ ਕੀਤਾ ਹੈ।

ਨਾਜ਼ੀਆਂ ਦੇ ਨਸਲਵਾਦੀ ਸਿਧਾਂਤ ਨੇ ਜਰਮਨ ਵਿਗਿਆਨ ਨੂੰ ਨਸ਼ਟ ਕਰ ਦਿੱਤਾ ਸੀ। ਮਾਰਕਸਵਾਦ ਦੀਆਂ ਹੱਠਧਰਮੀਆਂ ਨੇ ਰੂਸੀ ਵਿਗਿਆਨ ਨੂੰ ਕਈ ਦਹਾਕੇ ਪਿੱਛੇ ਲਿਜਾ ਕੇ ਸੁੱਟ ਦਿੱਤਾ। ਹੁਣ ਸਾਡੇ ਆਪਣੇ ਮੁਲਕ ਵਿੱਚ ਸਾਡੀਆਂ ਸਭ ਤੋਂ ਵਧੀਆ ਸੰਸਥਾਵਾਂ ਵਿੱਚ ਬੈਠੇ ਵਿਗਿਆਨੀਆਂ ਨੂੰ ਆਪਣਾ ਕੰਮ ਅਜਿਹੇ ਢੰਗ ਨਾਲ ਕਰਨ ਲਈ ਕਿਹਾ ਜਾ ਰਿਹਾ ਹੈ ਜੋ ਹਿੰਦੂਆਂ, ਹਿੰਦੂਵਾਦ ਤੇ ਸ੍ਰੀ ਮੋਦੀ ਦਾ ਗੁਣਗਾਨ ਕਰਦਾ ਹੋਵੇ।

ਇਸ ਦਾ ਭਾਰਤ ਵਿੱਚ ਵਿਗਿਆਨਕ ਕਿਰਿਆਵਾਂ

ਤੇ ਵਿਗਿਆਨੀਆਂ ਦੇ ਮਨੋਬਲ ਉੱਤੇ ਕੀ ਅਸਰ

ਪਏਗਾ? ਜਦੋਂ ਵਿਗਿਆਨਕ ਹਿੱਤਾਂ ਨੂੰ ਇੰਨੀ ਬੁਰੀ

ਤਰ੍ਹਾਂ ਸਿਆਸਤ ਤੇ ਧਰਮ ਅਧੀਨ ਕਰ ਦਿੱਤਾ

ਜਾਵੇਗਾ, ਉਦੋਂ ਭਲਾ ਇੱਥੇ ਕੰਮ ਕਰਦਾ ਕਿਹੜਾ ਪ੍ਰਤਿਭਾਵਾਨ ਖੋਜਕਰਤਾ ਵਿਦੇਸ਼ ਤੋਂ ਆਉਣ ਵਾਲੀ ਕਿਸੇ ਚੰਗੀ ਪੇਸ਼ਕਸ਼ ਨੂੰ ਮਨ੍ਹਾਂ ਕਰ ਸਕੇਗਾ? ਇਸ ਗੱਲ ਦੀ ਵੀ ਕਿੰਨੀ ਕੁ ਸੰਭਾਵਨਾ ਬਚੇਗੀ ਕਿ ਵਿਦੇਸ਼ ’ਚ ਸਿੱਖਿਅਤ ਵਿਗਿਆਨੀ ਆਪਣੀ ਮਾਤਭੂਮੀ ਪਰਤ ਕੇ ਕੰਮ ਕਰਨਾ ਚਾਹੁਣਗੇ?

 

BY : ਰਾਮਚੰਦਰ ਗੁਹਾ